ਉਗਰਾਹੀ ਵਾਲੇ ਬਾਬਿਆਂ ਦੇ ਟੋਲੇ ਨੇ ਨਾਜਰ ਸਿੰਘ ਦਾ ਲੋਹੇ ਦਾ ਗੇਟ ਖੜਕਾਇਆ… “ਅੱਜ ਤਾਂ ਕੀੜੀ ਘਰ ਨਰਾਇਣ ਆ ਗਏ ਨੇ... ਮੈਂ ਬਹੁਤ ਬਹੁਤ ਭਾਗਾਂ ਵਾਲਾਂ..." ਬੂਹਾ ਖੋਲ੍ਹਦਿਆਂ ਤੇ ਨੰਗੀਆਂ ਲੱਤਾਂ ਵਾਲੇ ਵੱਡੇ ਬਾਬੇ ਦੇ ਪੈਰੀਂ ਹੱਥ ਲਾਉਂਦਿਆਂ ਨਾਜਰ ਸਿੰਘ ਬੋਲਿਆ...
“ਨਾਜਰ ਸਿਹਾਂ, ਤੈਨੂੰ ਪਤੈ, ਹਰ ਸਾਲ ਦੀ ਤਰ੍ਹਾਂ ਵੱਡੇ ਬਾਬਿਆਂ ਦੀ ਪੰਦਰਵੀਂ ਬਰਸੀ ਵੀਹ ਦਿਨਾਂ ਨੂੰ ਆ ਰਹੀ ਐ... ਏਸ ਵਾਰ ਦੇਸੀ ਘਿਉ ਦੇ ਜਲੇਬ ਚੱਲਣਗੇ... ਏਸ ਤੋਂ ਇਲਾਵਾ ਇੱਕ ਸੌ ਇੱਕ ਲੜਕੀਆਂ ਦੇ ਵਿਆਹ ਕਰਨੇ ਨੇ... ਏਹੋ ਜਿਹੇ ਵੱਡੇ ਕਾਰਜ ਸੰਗਤਾਂ ਦੇ ਸਹਿਯੋਗ ਨਾਲ ਈ ਨੇਪਰੇ ਚੜਦੇ ਨੇ..." ਪੰਦਰਾਂ ਹਜ਼ਾਰ ਦੀ ਰਸੀਦ ਕੱਟ ਕੇ ਨਾਜਰ ਸਿੰਘ ਨੂੰ ਫੜਾਉਂਦਾ ਵੱਡੇ ਸਾਰੇ ਢਿੱਡ ਵਾਲਾ ਸੀਨੀਅਰ ਬਾਬਾ ਬੋਲਿਆ...
ਨਾਜਰ ਸਿੰਘ ਰਸੀਦ ਫੜ ਕੇ ਪੈਸੇ ਲੈਣ ਘਰੇ ਚਲਾ ਗਿਆ... “ਰਾਜ ਦੀ ਮੰਮੀ, ਮੈਂ ਬਾਬਿਆਂ ਨੂੰ ਉਗਰਾਹੀ ਦੇਣ ਲਈ ਅਲਮਾਰੀ ਵਿੱਚ ਪੈਸੇ ਰੱਖੇ ਸੀ... ਉਹਨਾਂ ਨੂੰ ਕਿੱਥੇ ਅੱਗ ਲਾ ਦਿੱਤੀ, ਲੱਭਦੇ ਨੀ..." ਨਾਜਰ ਸਿੰਘ ਨੇ ਤਲਖੀ ਵਿੱਚ ਆਪਣੀ ਘਰ ਵਾਲੀ ਸ਼ਾਮੋ ਨੂੰ ਆਖਿਆ
“ਰਾਜਵੰਤ ਦੇ ਭਾਪਾ, ਉਹ ਪੈਸੇ ਤੇਰਾ ਮੁੰਡਾ ਕਾਲਜ ਦੇ ਦੋ ਮੁੰਡਿਆਂ ਨਾਲ ਕੁੱਤਾ ਖ੍ਰੀਦਣ ਚਲਾ ਗਿਆ ਹੈ... ਕਹਿੰਦਾ ਸੀ ਮਾਹੌਲ ਬਹੁਤ ਮਾੜਾ ਹੁੰਦਾ ਜਾ ਰਿਹੈ... ਓਸ ਦੇ ਦੋਸਤਾਂ ਦੇ ਘਰੋਂ ਲੁਟੇਰੇ ਲੁੱਟ ਕਰਕੇ ਲੈਗੇ…" ਸ਼ਾਮੋ ਨੇ ਆਪਣੇ ਘਰ ਵਾਲੇ ਨੂੰ ਗੱਭਰੂ ਮੁੰਡੇ ਦਾ ਪ੍ਰੋਗਰਾਮ ਦੱਸਿਆ
“ਬਾਬਾ ਜੀ ਨਕਦ ਪੈਸੇ ਤਾਂ ਘਰੇ ਵਰਤੇ ਗਏ ਨੇ... ਤੁਸੀਂ ਆਪਣਾ ਖਾਤਾ ਨੰਬਰ ਦਿਉ, ਮੈਂ ਹੁਣੇ ਮੂਬੈਲ ਨਾਲ ਪਾ ਦਿੰਨਾ...”
“ਇਹ ਤਾਂ ਹੋਰ ਵੀ ਚੰਗੀ ਗੱਲ ਐ ਖਾਤੇ ਵਿੱਚ ਪਾਉਣ ਵਾਲੀ, ਜਿਸ ਦਾ ਦੁੱਧ ਵਿਕੇ, ਓਹਨੂੰ ਘਿਓ ਵੇਚਣ ਦੀ ਕੀ ਲੋੜ ਐ...” ਬਾਬੇ ਨੇ ਖਾਤਾ ਨੰਬਰ ਲਿਖ ਕੇ ਦਿੱਤਾ ਤੇ ਨਾਜਰ ਸਿੰਘ ਨੇ ਪੈਸੇ ਪੰਦਰਾਂ ਹਜ਼ਾਰ ਖਾਤੇ ਵਿੱਚ ਪਾ ਦਿੱਤੇ... ਫੇਰ ਬਾਬਿਆਂ ਅਗਲੇ ਘਰ ਦਾ ਬੂਹਾ ਜਾ ਖੜਕਾਇਆ...
ਸ਼ਾਮ ਨੂੰ ਰਾਜ ਨਸਲੀ ਕੁੱਤੇ ਦਾ ਬੱਚਾ ਲੈ ਕੇ ਘਰੇ ਆ ਗਿਆ... “ਓਏ ਮੁੰਡਿਆ, ਮੈਂ ਬਾਬਿਆਂ ਨੂੰ ਉਗਰਾਹੀ ਦੇਣੀ ਸੀ... ਪੈਸੇ ਲੈ ਕੇ ਤੂੰ ਕੁਤੀੜ ਖਰੀਦਣ ਚਲਾ ਗਿਆਂ... ਏਸ ਨੂੰ ਸਾਰੇ ਟੱਬਰ ਜਿੰਨੀ ਖੁਰਾਕ ਚਾਹੀਦੀ ਐ, ਨਾਲੇ ਏਸ ਦਾ ਗੰਦ ਸੁੱਟੇਂਗਾ... ਕੁਤੀੜ ਖਰੀਦਣ ਤੋ ਪਹਿਲਾਂ ਮੇਰੇ ਨਾਲ ਸਲਾਹ ਤੇ ਕਰ ਲੈਣੀ ਸੀ... ਪੰਡ ਰੁਪਇਆਂ ਦੀ ਲਾ ਕੇ ਭੋਰਾ ਜਿੰਨਾ ਬੱਚਾ ਲੈ ਆਇਆਂ..." ਨਾਜਰ ਸਿੰਘ ਨੇ ਆਪਣੇ ਚੜੇ ਪਾਰੇ ਨੂੰ ਕਾਬੂ ਵਿੱਚ ਰੱਖਦਿਆਂ ਮੁੰਡੇ ਨੂੰ ਨਸੀਅਤ ਦਿੰਦਿਆਂ ਆਖਿਆ
“ਵੇਖ ਬਾਪੂ, ਇਹ ਪੈਸੇ ਲੱਗੇ ਕਸਾਰੇ ਨਹੀਂ ਗਏ, ਵੱਡਾ ਹੋ ਕੇ ਘਰ ਦੀ ਰਾਖੀ ਕਰੇਗਾ… ਬਾਕੀ ਮੇਰਾ ਸ਼ੌਕ ਵੀ ਸੀ… ਜੋ ਮੈਂ ਪੂਰਾ ਕਰ ਲਿਐ, ਪਰ ਤੂੰ ਹਰ ਸਾਲ ਬਾਬਿਆਂ ਨੂੰ ਉਗਰਾਹੀਆਂ ਦੇਈ ਜਾਨਾ, ਉਹ ਤੈਨੂੰ ਕੀ ਦਿੰਦੇ ਨੈ..? ਰੱਬ ਨੇ ਕਿਸੇ ਦੀ ਰਾਖੀ ਕੀ ਕਰਨੀ ਹੈ, ਰੱਬ ਦੀ ਰਾਖੀ ਸੀ.ਸੀ.ਟੀ.ਵੀ. ਕੈਮਰੇ ਕਰਦੇ ਨੇ... ਏਸ ਤੋਂ ਇਲਾਵਾ ਮਜਬੂਤ ਗੇਟ, ਜਿੰਦਰੇ ਤੇ ਮਨੁੱਖ ਰੱਬ ਦੀ ਰਾਖੀ ਕਰਦਾ ਹੈ ਪਰ ਇਹ ਦਰਵੇਸ਼ (ਕੁੱਤੇ) ਮਨੁੱਖ ਦੀ ਰਾਖੀ ਕਰਦੇ ਹਨ... ਸੌ ਹੱਥ ਰੱਸਾ, ਸਿਰੇ ‘ਤੇ ਗੰਢ... ਭਾਵ ਮੁੱਕਦੀ ਗਲ ਤੂੰ ਆਪਣੇ ਰੱਬ ਨੂੰ ਪਾਲਣ ‘ਤੇ ਹੁਣ ਤੱਕ ਪੰਜ ਲੱਖ ਰੁਪਏ ਬਰਬਾਦ ਕਰ ਚੁੱਕੈਂ... ਮੈ ਏਸ ਨੂੰ ਪਾਲਾਂਗਾ, ਮੁਸੀਬਤ ਪਈ ਤੋਂ ਪਤਾ ਲੱਗੇਗਾ... ਤੇਰੇ ਬਾਬੇ ਤੇ ਤੇਰਾ ਰੱਬ ਕੰਮ ਆਉਂਦਾ ਜਾਂ ਏਹ ਦਰਵੇਸ਼ ਕੰਮ ਆਉਂਦਾ..." ਮੁੰਡਾ ਆਪਣੀ ਵਿਗਿਆਨਕ ਸੋਚ ਨਾਲ ਆਪਣੇ ਬਾਪ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਬੋਲਿਆ
ਰਾਜ ਦੇ ਭਾਪਾ, ਤੇਰੇ ਧੁੱਪ ਨਾਲ ਧੌਲੇ ਨਹੀਂ ਆਏ... ਥੋੜੀ ਬਹੁਤੀ ਸ਼ਰਮ ਨੂੰ ਹੱਥ ਮਾਰ... ਸਿਆਣੇ ਕਹਿੰਦੇ ਨੇ ਜਦੋਂ ਪਿਉ ਪੁੱਤ ਦੀ ਜੁੱਤੀ ਦਾ ਮੇਚਾ ਇੱਕ ਹੋ ਜਾਵੇ, ਫੇਰ ਗੱਭਰੂ ਪੁੱਤ ਨੂੰ ਅੱਖਾਂ ਦੀ ਘੂਰ ਈ ਬਹੁਤ ਹੁੰਦੀ ਐ... ਕਿਉਂ ਤੂੰ ਓਸਨੂੰ ਆਪਣੇ ਅੱਗੇ ਬੋਲਣ ਦੀ ਜਾਚ ਸਿਖਾ ਰਿਹਾਂ... ਖਬਰਦਾਰ ਜੇ ਫੇਰ ਮੁੰਡੇ ਨੂੰ ਮਾੜਾ ਚੰਗਾ ਬੋਲਿਆ, ਨਵੇਂ ਖੂਨ ਦਾ ਗੁੱਸਾ ਪਤਾ ਨਹੀਂ ਕੀ ਕਰ ਬੈਠੇ..." ਸ਼ਾਮੋ ਨੇ ਆਪਣੇ ਮੁੰਡੇ ਦਾ ਪੱਖ ਪੂਰਦਿਆਂ ਆਪਣੇ ਘਰ ਵਾਲੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਿਆਂ ਆਖਿਆ
ਹਫਤੇ ਬਾਅਦ ਘਰ ਦੇ ਹਾਲਾਤ ਪਹਿਲਾਂ ਵਰਗੇ ਹੋ ਗਏ... ਸਮਾਂ ਆਪਣੀ ਚਾਲੇ ਤੁਰਿਆ ਗਿਆ... ਸਾਲ ਬਾਅਦ ਕੁੱਤਾ ਭਰ ਜਵਾਨੀ ਵਿੱਚ ਆ ਗਿਆ... ਬਹੁਤੇ ਲੋਕ ਕੁੱਤੇ ਤੋਂ ਡਰਦੇ ਦੂਰੋਂ ਅਵਾਜ਼ਾਂ ਮਾਰ ਕੇ ਘਰੇ ਆਉਂਦੇ... ਨਾਜਰ ਸਿੰਘ ਨੇ ਵੀਹ ਲੱਖ ਰੁਪਏ ਦੇ ਹਿਸਾਬ ਨਾਲ ਇੱਕ ਕਿੱਲਾ ਬੈ ਲੈਣ ਦਾ ਸੌਦਾ ਮਾਰ ਲਿਆ... ਸਵੇਰੇ ਰਜਿਸਟਰੀ ਕਰੌਣ ਜਾਣਾ ਸੀ... ਨਾਜਰ ਸਿੰਘ ਘਰ ਤੋਂ ਕੁੱਝ ਦੂਰੀ ‘ਤੇ ਹਵੇਲੀ ਵਿੱਚ ਸੁੱਤਾ ਸੀ... ਅਚਾਨਕ ਕੰਧ ਟੱਪ ਕੇ ਚਾਰ ਲੁਟੇਰੇ ਹਵੇਲੀ ਵਿੱਚ ਆ ਗਏ... “ਉਏ ਬੁੱਢਿਆਂ, ਜੇ ਜਾਨ ਚਾਹੀਦੀ ਐ, ਤਾਂ ਪੈਲੀ ਖਰੀਦਣ ਵਾਲੇ ਸਾਰੇ ਪੈਸੇ ਸਾਨੂੰ ਫੜਾ ਦੇ..." ਲੁਟੇਰਿਆਂ ਦਾ ਆਗੂ ਰਿਵਾਲਵਰ ਦੀ ਨਾਲੀ ਨਾਜਰ ਸਿੰਘ ਦੇ ਕੰਨ ਉੱਤੇ ਰੱਖਦਾ ਬੋਲਿਆ...
“ਪੈਸੇ ਤਾਂ ਘਰੇ ਅਲਮਾਰੀ ਵਿੱਚ ਪਏ ਨੇ... ਘਰੇ ਚੱਲ ਕੇ ਤੁਹਾਨੂੰ ਦੇ ਦਿੰਨਾ..." ਆਪਣੇ ਰੱਬ ਤੇ ਬਾਬਿਆਂ ਨੂੰ ਮਦਦ ਲਈ, ਮਨ ਵਿੱਚ ਵਾਸਤੇ ਪਾਉਂਦਿਆ ਨਾਜਰ ਸਿੰਘ ਨੇ ਲੁਟੇਰਿਆਂ ਨੂੰ ਆਖਿਆ
ਘਰ ਦੇ ਬੂਹੇ ਅੱਗੇ ਜਾ ਕੇ ਜਦੋਂ ਨਾਜਰ ਸਿੰਘ ਨੇ ਆਪਣੇ ਮੁੰਡੇ ਨੂੰ ਬੂਹਾ ਖੋਲਣ ਲਈ ਟੇਢੇ ਜਿਹੇ ਢੰਗ ਨਾਲ ਅਵਾਜ਼ ਮਾਰੀ ਤੇ ਬੂਹਾ ਖੜਕਾਇਆ ਤਾਂ ਉਸ ਦਾ ਮੁੰਡਾ ਸਾਰੀ ਗੱਲ ਸਮਝ ਗਿਆ ਅਤੇ ਬੂਹਾ ਖੋਲਣ ਲਈ ਕਿਰਪਾਨ ਤੇ ਕੁੱਤਾ ਨਾਲ ਲੈ ਗਿਆ... ਬੂਹਾ ਖੋਲ੍ਹਦਿਆਂ ਸਾਰੇ ਚੋਰ ਜਲਦੀ ਨਾਲ ਘਰ ਅੰਦਰ ਦਾਖਲ ਹੋਣ ਲੱਗੇ ਪਰੰਤੂ ਕੁੱਤਾ ਟੁੱਟ ਕੇ ਲੁਟੇਰਿਆਂ ਨੂੰ ਪੈ ਗਿਆ... ਓਸ ਨੇ ਦੋ ਡਾਕੂਆਂ ਨੂੰ ਬੁਰੀ ਤਰ੍ਹਾਂ ਪਾੜ ਦਿੱਤਾ... ਦੋ ਚੀਕਾਂ ਮਾਰਦੇ ਭੱਜਣ ਵਿੱਚ ਕਾਮਯਾਬ ਹੋ ਗਏ... ਦੋਵੇਂ ਚੋਰ ਜ਼ਿਆਦਾ ਖੂਨ ਵਗਣ ਕਰਕੇ ਮਰ ਗਏ...
ਨਾਜਰ ਸਿੰਘ ਨੇ ਹੁਣ ਬਾਬਿਆਂ ਨੂੰ ਫੂਨ ਕਰਕੇ, ਘਰੇ ਆਉਣ ਲਈ ਤਰਲਾ ਮਾਰਦਿਆਂ ਆਖਿਆ... ਬਾਬਿਆਂ ਨੇ ਸਾਰੀ ਗੱਲ ਸੁਣ ਕੇ ਕਹਿ ਦਿੱਤਾ ਇਹ ਰੌਂਗ ਨੰਬਰ ਹੈ... ਮੁੜ ਸੁੱਚ ਬੰਦ ਕਰ ਦਿੱਤੀ...