ਵੱਡੇ ਘੱਲੂਘਾਰੇ ਮਗਰੋਂ
ਵੱਡੇ ਘੱਲੂਘਾਰੇ ਦੇ 4-5 ਮਹੀਨਿਆਂ ਮਗਰੋਂ ਹੀ ਸਿੰਘਾਂ ਨੇ ਅਫਗਾਨੀਆਂ ਨੂੰ ਉਹ ਕਰਾਰੇ ਹੱਥ ਵਿਖਾਏ ਕਿ ਅਹਿਮਦ ਸ਼ਾਹ ਅਬਦਾਲੀ ਹਾਰਨ ਮਗਰੋਂ ਬੇਇਜ਼ਤ ਹੋਕੇ, ਜਲਾਲਤ ਮੰਨ ਕੇ ਰਾਤੋ-ਰਾਤ ਪੰਜਾਬ ਤੋਂ ਦੌੜ ਗਿਆ ਸੀ। ਜਿਸ ਸਿੱਖ ਕੌਮ ਦੀ ਅੱਧੀ ਆਬਾਦੀ ਨੂੰ ਕੁੱਪ-ਰੋਹੀੜੇ ਦੇ ਮੈਦਾਨ ਵਿਚ ਮਲੀਆਮੇਟ ਕੀਤਾ ਸੀ, ਓਸੇ ਕੌਮ ਨੇ ਅਫ਼ਗਾਨੀ ਫੌਜ ਦੇ ਲੰਗਾਰ ਲਾਹ ਛੱਡੇ ਹਨ। ਵੱਡੇ ਘੱਲੂਘਾਰੇ ਮੌਕੇ ਸਿੱਖ ਅਛੋਪਲ਼ੇ ਹੀ ਘਿਰਨ ਕਰਕੇ ਜੰਗੀ ਜ਼ੌਹਰ ਨਹੀਂ ਸੀ ਵਿਖਾ ਸਕੇ ਪਰ ਜਦ ਖਾਲਸਾ ਸਿਰ ਤਲ਼ੀ 'ਤੇ ਰੱਖਕੇ ਮੈਦਾਨ ਵਿੱਚ ਨਿਤਰਿਆ ਤਾਂ ਅਫ਼ਗਾਨੀ ਫੌਜ ਦੀ ਭਿਆਂ ਕਰਾ ਛੱਡੀ।
ਮਲੇਰਕੋਟਲੇ ਦੇ ਕੋਲ ਕੁੱਪ ਤੇ ਰਹੀੜਾ ਦੋ ਪਿੰਡ ਹਨ, ਜਿੱਥੇ ੫ ਫ਼ਰਵਰੀ ੧੭੬੨ ਨੂੰ ਵੱਡਾ ਘੱਲੂਘਾਰਾ ਵਾਪਰਿਆ ਸੀ। ਓਦੋਂ ਇਹਨਾਂ ਦੋਵਾਂ ਪਿੰਡਾਂ ਦੇ ਵਿਚਾਲੇ ਇੱਕ ਜੰਗਲ ਹੁੰਦਾ ਸੀ। ਸਿੰਘਾਂ ਦਾ ਇਕ ਵੱਡਾ ਜਥਾ ਇਸ ਜੰਗਲ ਵਿਚ ਠਹਿਰਿਆ ਹੋਇਆ ਸੀ। ਹੋਰ ਸਿੰਘ ਵੀ ਨਿੱਕੇ-ਨਿੱਕੇ ਜਥਿਆਂ ਵਿੱਚ ਕਿਲ੍ਹਾ ਰਾਏਪੁਰ, ਗੁੱਜਰਵਾਲ਼ ਤੇ ਹੋਰ ਪਿੰਡਾਂ ਵਿੱਚ ਠਹਿਰੇ ਹੋਏ ਸਨ। ਅਚਨਚੇਤ ਅਹਿਮਦ ਸ਼ਾਹ ਅਬਦਾਲੀ ਦੀਆਂ ਫ਼ੌਜਾਂ ਨੇ ਘੇਰਾ ਪਾ ਲਿਆ। ਇਹ ਸਾਰੇ ਸਿੰਘ ਇੱਕ ਥਾਂ ਇਕੱਠੇ ਹੋ ਗਏ ਤੇ ਦੁਸ਼ਮਣ ਦਾ ਟਾਕਰਾ ਕਰਨ ਲਈ ਵਿਚਾਰਾਂ ਕਰਨ ਲੱਗੇ। ਦਲ ਖ਼ਾਲਸਾ ਦੇ ਜਥੇਦਾਰ ਸ. ਜੱਸਾ ਸਿੰਘ ਆਹਲੂਵਾਲੀਆ, ਸ. ਨਵਾਬ ਕਪੂਰ ਸਿੰਘ, ਸ. ਚੜ੍ਹਤ ਸਿੰਘ ਸ਼ੁਕਰਚੱਕੀਆ ਤੇ ਹੋਰ ਮਿਸਲਾਂ ਦੇ ਨਾਮੀ ਜਰਨੈਲ ਇਕਮਤ ਸਨ ਕਿ ਚਾਰੇ ਪਾਸੇ ਘੇਰੇ ਵਿੱਚੋਂ ਬਾਹਰ ਨਿਕਲਣਾ ਬੜਾ ਔਖਾ ਹੈ ਕਿਉਂਕਿ ਸਰਹਿੰਦ ਦਾ ਸੂਬੇਦਾਰ ਜੈਨ ਖ਼ਾਨ, ਮਲੇਰਕੋਟਲੇ ਦਾ ਨਵਾਬ ਤੇ ਰਾਏਕੋਟ ਦਾ ਦੀਵਾਨ ਲੱਛਮੀ ਸਹਾਇ ਵੀ ਅਬਦਾਲੀ ਦੀ ਹਮਾਇਤ ਵਿੱਚ ਆਪਣੀਆਂ ਫ਼ੌਜਾਂ ਲੈ ਕੇ ਸਿੰਘਾਂ ਖ਼ਿਲਾਫ਼ ਆ ਡਟੇ ਸਨ। ਸਿੰਘਾਂ ਲਈ ਮੁਸ਼ਕਿਲ ਇਹ ਵੀ ਸੀ ਕਿ ਇਸ ਵੇਲ਼ੇ ਉਹਨਾਂ ਨਾਲ਼ ਵੱਡੀ ਗਿਣਤੀ ਵਿਚ ਬੀਬੀਆਂ ਤੇ ਬੱਚੇ ਵੀ ਸਨ।
ਸਿੰਘਣੀਆਂ ਤਾਂ ਜੰਗਾਂ ਵਿਚ ਮਾਈ ਭਾਗ ਕੌਰ ਵਾਂਗ ਬਰਾਬਰ ਹਿੱਸਾ ਲੈਂਦੀਆਂ ਸਨ ਪਰ ਇਸ ਘੇਰੇ ਮੌਕੇ ਜ਼ਿਆਦਾ ਬੀਬੀਆਂ ਉਹ ਸਨ, ਜੋ ਅਜੇ ਸਾਲ ਕੁ ਪਹਿਲਾਂ ਹਿੰਦੂਆਂ ਦੀ ਪੁਕਾਰ 'ਤੇ ਅਬਦਾਲੀ ਤੋਂ ਛੁਡਵਾਈਆਂ ਸਨ ਤੇ ਬਹੁਤੀਆਂ ਕੁੜੀਆਂ ਨੂੰ ਉਹਨਾਂ ਦੇ ਮਾਪਿਆਂ ਨੇ ਵਾਪਸ ਲੈਣ ਤੋਂ ਨਾਂਹ ਕਰ ਦਿੱਤੀ ਸੀ ਕਿ ਅਗਲੇ ਹਮਲੇ ਵੇਲ਼ੇ ਦੁਰਾਨੀ ਸਾਨੂੰ ਮਾਰ ਸੁੱਟਣਗੇ। ਬਹੁਤ ਸਾਰੀਆਂ ਹਿੰਦੂ ਕੁੜੀਆਂ ਦੇ ਸਿੰਘਾਂ ਨਾਲ਼ ਵਿਆਹ ਕਰ ਦਿੱਤੇ ਗਏ ਸਨ। ਇਹ ਬੀਬੀਆਂ, ਸਿੰਘਣੀਆਂ ਵਾਂਗ ਸ਼ਸ਼ਤਰ-ਵਿੱਦਿਆ ਵਿੱਚ ਨਿਪੁੰਨ ਨਹੀਂ ਸਨ। ਇਸ ਕਰਕੇ ਸਿੰਘਾਂ ਲਈ ਇਹਨਾਂ ਨੂੰ ਸੰਭਾਲ਼ਣਾ ਵੀ ਇਕ ਅਹਿਮ ਕੰਮ ਸੀ। ਜਰਨੈਲਾਂ ਨੇ ਘੋੜ ਸਵਾਰਾਂ ਤੇ ਹੋਰ ਸ਼ਸਤਰਧਾਰੀ ਸਿੰਘਾਂ ਦਾ ਇਕ ਕੁੰਡਲ-ਘੇਰਾ ਸਾਰੀ ਵਹੀਰ ਦੇ ਦੁਆਲ਼ੇ ਪਾ ਲਿਆ ਤੇ ਵੈਰੀ ਨਾਲ਼ ਲੜਦੇ, ਭਿੜਦੇ, ਕੁੱਟਦੇ-ਵੱਢਦੇ ਬਰਨਾਲੇ ਵੱਲ ਨੂੰ ਤੁਰ ਪਏ। ਇਸ ਮੌਕੇ ਸਿੰਘਾਂ ਦੇ ਭਿਆਨਕ ਕਤਲੇਆਮ ਦੀ ਸੰਭਾਵਨਾ ਪ੍ਰਤੱਖ ਦਿਖ ਰਹੀ ਸੀ। ਸਿੰਘਾਂ ਨੂੰ ਆਪਣੀਆਂ ਜਾਨਾਂ ਨਾਲ਼ੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ-ਸਤਿਕਾਰ ਦੀ ਜ਼ਿਆਦਾ ਚਿੰਤਾ ਸੀ। ਉਹਨਾਂ ਅਰਦਾਸ ਕੀਤੀ: ਪੰਥ ਜੋ ਰਹਾ ਤੋ ਤੇਰਾ ਗ੍ਰੰਥ ਭੀ ਰਹੇਗਾ ਨਾਥ, ਪੰਥ ਨਾ ਰਹਾ ਤੋ ਤੇਰਾ ਗ੍ਰੰਥ ਕੌਨ ਮਾਨੇਗਾ?
ਕੱਟਾ-ਵੱਢੀ ਕਰਦੇ ਉਹ ਅੱਗੇ ਵਧਦੇ ਗਏ। ਕੁਤਬਾ ਤੇ ਬ੍ਰਾਹਮਣੀ ਪਿੰਡਾਂ ਕੋਲ਼ ਸਿੰਘਾਂ ਉੱਤੇ ਭਿਆਨਕ ਮਾਰੂ ਹੱਲਾ ਹੋ ਗਿਆ। ਇੱਥੇ ਗਹਿਗੱਚ ਲੜਾਈ ਹੋਈ। ਲੋਹੇ ਨਾਲ਼ ਲੋਹਾ ਖੜਕਿਆ। ਵਹੀਰ ਦੇ ਦੁਆਲੇ ਪਿਆ ਕੁੰਡਲ ਕਈ ਥਾਂਵਾਂ ਤੋਂ ਟੁੱਟ ਗਿਆ। ਵੈਰੀ ਨੇ ਧੁਰ ਅੰਦਰ ਤੱਕ ਮਾਰ ਕੀਤੀ। ਪਰ ਸਿੰਘ ਆਪਣੇ ਘੋੜੇ ਮੋੜਦੇ, ਅੜਦੇ, ਲੜਦੇ, ਭਿੜਦੇ ਰਹੇ। ਪਿਛਲੇ ਦਸ ਘੰਟਿਆਂ ਤੋਂ ਇਹ ਜੰਗ ਉਹ ਤੁਰੇ ਆਉਂਦੇ ਲੜ ਰਹੇ ਸਨ। ਅਬਦਾਲੀ ਦੀ ਇੱਛਾ ਇੱਕ ਵਾਰ ਪੈਰ ਗੱਡ ਕੇ ਲੜਨ ਦੀ ਸੀ ਪਰ ਸਿੰਘ ਕੋਈ ਮੌਕਾ ਨਹੀਂ ਦੇ ਰਹੇ ਸਨ। ਸ. ਜੱਸਾ ਸਿੰਘ ਦੇ ਸਰੀਰ ਉੱਤੇ ੨੨ ਫੱਟ ਸਨ ਤੇ ਲਹੂ ਨਾਲ਼ ਨਹਾਤਾ ਉਹ ਅਜੇ ਵੀ ਘੋੜੇ 'ਤੇ ਚੜ੍ਹਿਆ ਟੁੱਟ-ਟੁੱਟ ਪੈ ਰਿਹਾ ਸੀ। ਸ. ਚੜ੍ਹਤ ਸਿੰਘ ਦੇ ਫੱਟ ਗਿਣ ਨਹੀਂ ਹੁੰਦੇ ਸੀ। ਇਹੀ ਹਾਲ ਬਾਕੀ ਸਿੰਘਾਂ ਤੇ ਸਰਦਾਰਾਂ ਦਾ ਸੀ। ਅੱਗੇ ਹਠੂਰ ਪਿੰਡ ਆਇਆ ਤਾਂ ਪਾਣੀ ਦੀ ਢਾਬ ਵੇਖ ਕੇ ਸਿੰਘ ਓਧਰ ਨੂੰ ਹੋ ਤੁਰੇ। ਅਬਦਾਲੀ ਦੀ ਫ਼ੌਜ ਪਾਣੀ ਦੀ ਢਾਬ ਖੋਹਣ ਲਈ ਹੱਲੇ ਕਰਦੀ ਰਹੀ, ਪਰ ਤਾਜੇ ਦਮ ਹੋਏ ਸਿੰਘਾਂ ਨੇ ਪੇਸ਼ ਨਾ ਜਾਣ ਦਿੱਤੀ। ਅੱਗੇ ਬਰਨਾਲੇ ਦਾ ਇਲਾਕੇ ਸੀ, ਜਿਥੇ ਬਾਬਾ ਆਲਾ ਸਿੰਘ ਪਟਿਆਲੇ ਵਾਲੇ ਦੀ ਹਾਕਮੀ ਸੀ। ਇੱਥੋਂ ਅਬਦਾਲੀ ਪਿੱਛੇ ਮੁੜ ਗਿਆ।
ਸਿੰਘ ਭਦੌੜ, ਢਿਪਾਲੀ, ਥਰਾਜ, ਦਰਾਜ, ਤਪਾ, ਫੂਲ, ਮਰਾਝ ਆਦਿਕ ਇਲਾਕਿਆਂ ਵਿੱਚ ਫ਼ੈਲ ਗਏ, ਜਿੱਥੇ ਮਲਵਈ ਸਿੱਖਾਂ ਨੇ ਟਹਿਲ ਸੇਵਾ ਕੀਤੀ। ਕੁੱਪ-ਰਹੀੜੇ ਤੋਂ ਹਠੂਰ ਤੱਕ ਖ਼ਾਸ ਕਰਕੇ ਕੁਤਬੇ-ਬ੍ਰਾਹਮਣੀ ਦੇ ਇਲਾਕੇ ਵਿਚ ਸਿੱਖਾਂ ਦੀਆਂ ਲਾਸ਼ਾਂ ਦੇ ਢੇਰ ਪਏ ਸਨ। ਇਹਨਾਂ ਲੋਥਾਂ ਦੇ ਸਿਰ ਕਟਵਾ ਕੇ ਅਬਦਾਲੀ ਲਾਹੌਰ ਲੈ ਗਿਆ। ਲਾਹੌਰ ਨੂੰ ਜਾਂਦਾ ਹੋਇਆ ਉਹ ਅੰਮ੍ਰਿਤਸਰ ਗਿਆ ਤੇ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਇਮਾਰਤਾਂ ਨੂੰ ਬਰੂਦ ਨਾਲ ਉਡਾ ਦਿੱਤਾ। ਸਰੋਵਰ ਨੂੰ ਮਲਬੇ ਤੇ ਹੱਡੀਆਂ ਨਾਲ਼ ਭਰ ਦਿੱਤਾ। ਇਸ ਕਤਲੇਆਮ ਨੂੰ ਸਿੱਖ ਇਤਿਹਾਸ ਵਿਚ 'ਵੱਡਾ ਘੱਲੂਘਾਰਾ' ਕਿਹਾ ਜਾਂਦਾ ਹੈ। ਖ਼ਾਸ ਗੱਲ ਇਹ ਹੈ ਕਿ ਇਸ ਕਤਲੇਆਮ ਮਗਰੋਂ ਅਬਦਾਲੀ ਨੇ ਸਿੱਖਾਂ ਨਾਲ਼ ਸੁਲਾਹ ਕਰਨੀ ਚਾਹੀ ਸੀ ਪਰ ਸਿੱਖਾਂ ਨੇ ਕਰਾਰਾ ਜਵਾਬ ਦਿੱਤਾ ਕਿ ਤੈਨੂੰ ਮਿਲਾਂਗੇ ਜ਼ਰੂਰ ਤੇ ਸਿੰਘਾਂ ਨੇ ਆਪਣਾ ਇਕਰਾਰ ਨਿਭਾ ਦਿੱਤਾ। ਅਬਦਾਲੀ ਅਜੇ ਲਾਹੌਰ ਹੀ ਸੀ ਕਿ ਸਿੰਘਾਂ ਨੇ ਉਸ ਦੇ ਖ਼ਾਸਮ-ਖ਼ਾਸ ਸਰਹੰਦ ਦੇ ਸੂਬੇਦਾਰ ਜੈਨ ਖ਼ਾਨ ਨੂੰ ਹਰਾ ਦਿੱਤਾ, ਜਿਸ ਨੇ ਘੱਲੂਘਾਰੇ ਮੌਕੇ ਉਸ ਦਾ ਡਟ ਕੇ ਸਾਥ ਦਿੱਤਾ ਸੀ।