⚠️ ਲੇਖਕ ਲਹਿੰਦੇ ਪੰਜਾਬੋਂ ਹੋਣ ਕਰਕੇ ਕੁੱਝ ਕੁ ਸ਼ਬਦ ਓਧਰਲੇ ਹਨ
ਕਿੱਥੇ ਗਈਆਂ ਰਾਣੀਆਂ,
ਨੇਹੀਆਂ ਤੇ ਮਧਾਣੀਆਂ,
ਭੱਠ ਤੇ ਤੰਦੂਰੀਆਂ,
ਬੋੜਵੇਂ ਤੇ ਚੂਰੀਆਂ,
ਬੂਰੀਆਂ ਤੇ ਕਾਲ਼ੀਆਂ,
ਹਲ਼ ਤੇ ਪੰਜਾਲ਼ੀਆਂ,
ਤ੍ਰੈਂਗਲਾਂ ਤੇ ਦੋਸਾਂਘੀਆਂ,
ਫਾਹੁੜੀਆਂ ਤੇ ਵਾਂਘੀਆਂ,
ਤੇਰੀਆਂ ਤੇ ਸਾਡੀਆਂ,
ਦਾਤਰੀ ਤੇ ਵਾਢੀਆਂ,
ਵੇਲਣੇ ਤੇ ਚੱਕੀਆਂ,
ਮਿਰਜ਼ੇ ਤੇ ਬੱਕੀਆਂ,
ਦੋਹਣੀਆਂ ਤੇ ਬਾਟੀਆਂ,
ਮੱਘੜੇ ਤੇ ਚਾਟੀਆਂ,
ਦੌਰੀਆਂ ਤੇ ਕੂੰਡੀਆਂ,
ਖਿੰਦੜੇ ਤੇ ਖੂੰਡੀਆਂ,
ਫੁੱਲ ਪੱਤੀ ਪਿੜੀਆਂ,
ਆਟੇ ਦੀਆਂ ਚਿੜੀਆਂ,
ਕਲਮਾਂ ਸਲੇਟੀਆਂ,
ਨੰਗਲਾਂ ਤੇ ਟੇਟੀਆਂ,
ਗਾਚੀਆਂ ਤੇ ਫੱਟੀਆਂ,
ਟੋਪੜੇ ਤੇ ਛੱਟੀਆਂ,
ਪੱਖੇ ਤੇ ਭੰਬੀਰੀਆਂ,
ਪਿੰਨੀ ਤੇ ਪੰਜੀਰੀਆਂ,
ਟੋਕਰੇ ਤੇ ਖਾਰੀਆਂ,
ਆਲ਼ੇ ਖੁੱਡੇ ਬਾਰੀਆਂ,
ਪੰਡ ਥੱਬੀ ਪੂਲ਼ੀਆਂ,
ਉੱਖਲ਼ੀ ਤੇ ਮੂਹਲ਼ੀਆਂ,
ਤੰਗੜਾਂ ਤੇ ਦਾਬੜੇ,
ਛੱਜ ਛਿੱਕੂ ਛਾਬੜੇ,
ਵਿਰਹੋ ਤੇ ਸਖਾਵਤਾਂ,
ਨਿੱਘ ਤੇ ਤਰਾਵਤਾਂ,
ਅਟੇਰਨੇ ਤੇ ਊਰੀਆਂ,
ਪੱਲੀਆਂ ਤੇ ਘੂਰੀਆਂ,
ਲੇਫ਼ ਤੇ ਨਿਹਾਲੀਆਂ,
ਛੰਨੇ ਤੇ ਪਿਆਲੀਆਂ,
ਖੇਸੜੇ ਤੇ ਜੁੱਲੀਆਂ,
ਖਿੜਕੇ ਤੇ ਚੁੱਲ੍ਹੀਆਂ,
ਲਾਟੂ ਤੇ ਲਟੂਣੀਆਂ,
ਚਰਖੇ ਤੇ ਪੂਣੀਆਂ,
ਤਾਵੜੀ ਕਨਾਲ਼ੀਆਂ,
ਕੜਛੀ ਕੁਠਾਲੀਆਂ,
ਕੌਲੀਆਂ ਤੇ ਧਾਮੀਆਂ,
ਲਾਗ ਤੇ ਸਲਾਮੀਆਂ,
ਘੜੇ ਘੜਵੰਜੀਆਂ,
ਖੱਜੀ ਦੀਆਂ ਮੰਜੀਆਂ,
ਕੰਧਾਂ ਮੁੱਢੀ ਕੀੜੀਆਂ,
ਚੌਂਕੀਆਂ ਤੇ ਪੀੜ੍ਹੀਆਂ,
ਝਾਲਰਾਂ ਤੇ ਤਣੀਆਂ,
ਚੌਂਤਰੇ ਤੇ ਅਣੀਆਂ,
ਕਿੰਗਰੇ ਕੰਧੋਲ਼ੀਆਂ,
ਢਾਂਗੜੇ ਤੇ ਹੋਲ਼ੀਆਂ,
ਰੰਬੀਆਂ ਖਦੋਲਣੇ,
ਰੱਖੜੀ ਤੇ ਢੋਲਣੇ,
ਸ਼ਤੀਰੀਆਂ ਤੇ ਕੜੀਆਂ,
ਡੱਕਰੇ ਤੇ ਵੜੀਆਂ,
ਤਿੰਡੜਾਂ ਤੇ ਪਾੜਛੇ,
ਕੜਾਹੀ ਗੰਢ ਕਾੜਛੇ,
ਗਲੀਤਰੀ ਤੇ ਮੂਕੀਆਂ,
ਫਤੂਹੀਆਂ ਤੇ ਸਲੂਕੀਆਂ,
ਉਲਾਂਘੜਾ ਤੇ ਚੂੰਗੀਆਂ,
ਲਾਚੜੇ ਤੇ ਲੂੰਗੀਆਂ,
ਜੰਗ਼ਲੇ ਤੇ ਚੰਨਣੇ,
ਸਬਾਤਾਂ ਤੇ ਛਮੰਨਣੇ,
ਮਗਰੀ ਵਗੈਣੀਆਂ,
ਢਾਰੀਆਂ ਤੇ ਭੈਣੀਆਂ,
ਧੇਲੀਆਂ ਚਵਾਨੀਆਂ,
ਨੱਥਲੀ ਤੇ ਗਾਨੀਆਂ,
ਘੁੰਗਰੂ ਤੇ ਟੱਲੀਆਂ,
ਪੀਠੀਆਂ ਤੇ ਪੱਲੀਆਂ,
ਸੀਣੀ ਦੀਆਂ ਰੱਸੀਆਂ,
ਮੱਖਣੀ ਤੇ ਲੱਸੀਆਂ,
ਭੋਜਣੇ ਘਰੋੜੀਆਂ,
ਗੁੜ ਦੀਆਂ ਰੋੜੀਆਂ,
ਆਬੂ ਸੱਤੂ ਹੋਲੜਾਂ,
ਲਸੂੜੀਆਂ ਤੇ ਗੋਲ੍ਹੜਾਂ,
ਮਸਕੇ ਤੇ ਘੂਰੀਆਂ,
ਇਨੂੰ ਤੇ ਚਟੂਰੀਆਂ,
ਹਾਲੇ ਵੀ ਸਤਾਂਦੀਆਂ,
ਗਾਨੇ ਤੇ ਪਰਾਂਦੀਆਂ,
ਸੁਰਮੇ ਤੇ ਧਾਰੀਆਂ,
ਗੋਟੇ ਤੇ ਕਿਨਾਰੀਆਂ,
ਪੀਲਕਾਂ ਭਪੋਲੜੇ,
ਰੁਮਾਲੀਆਂ ਪਟੋਲੜੇ,
ਸੱਚੀਆਂ ਤੇ ਗੂੜ੍ਹੀਆਂ,
ਝਾਂਜਰਾਂ ਤੇ ਚੂੜੀਆਂ,
ਅੱਖਾਂ ਵਿੱਚ ਰਹਿੰਦੀਆਂ,
ਵੱਟਣੇ ਤੇ ਮਹਿੰਦੀਆਂ,
ਸਿੱਠਣੀ ਤੇ ਬੋਲੀਆਂ,
ਖੱਟ ਤੇ ਘੜੋਲੀਆਂ,
ਗੁੱਡੜੇ ਤੇ ਗੁੱਡੀਆਂ,
ਭੰਗੜੇ ਤੇ ਲੁੱਡੀਆਂ,
ਘੁੱਗੂ ਘੋੜੇ ਕੁੱਜੀਆਂ,
ਕਿਸੇ ਨੂੰ ਨਾ ਪੁੱਜੀਆਂ,
ਕਿੱਥੇ ਗਈਆਂ ਸੋਨੇ ਜਿਹੀਆਂ,
ਸੰਧੂਆ ਉਹ ਸੂਰਤਾਂ,
ਤੇਰੇ ਸਾਡੇ ਚੰਨ ਜਿਹੇ,
ਪੰਜਾਬ ਦੀਆਂ ਮੂਰਤਾਂ।
(ਇਰਸ਼ਾਦ ਸੰਧੂ)









